HindiBrethren

ਜ਼ਬੂਰ 97

1 ਯਹੋਵਾਹ ਰਾਜ ਕਰਦਾ ਹੈ, ਧਰਤੀ ਖੁਸ਼ ਹੋਵੇ, ਟਾਪੂ ਜਿਹੜੇ ਬਹੁਤ ਸਾਰੇ ਹਨ ਅਨੰਦ ਹੋਣ!


2 ਬੱਦਲ ਅਤੇ ਅਨ੍ਹੇਰਾ ਉਹ ਦੇ ਆਲੇ-ਦੁਆਲੇ ਹਨ, ਧਰਮ ਅਤੇ ਨਿਆਂ ਉਹ ਦੀ ਰਾਜ ਗੱਦੀ ਦੀ ਨੀਂਹ ਹਨ।


3 ਅੱਗ ਉਹ ਦੇ ਅੱਗੇ ਚੱਲਦੀ ਹੈ, ਅਤੇ ਉਹ ਦੇ ਵਿਰੋਧੀਆਂ ਨੂੰ ਚੁਫ਼ੇਰਿਓਂ ਭਸਮ ਕਰ ਦਿੰਦੀ ਹੈ।


4 ਇਹ ਦੀਆਂ ਬਿਜਲੀਆਂ ਜਗਤ ਨੂੰ ਲਿਸ਼ਕਾਉਂਦੀਆਂ ਹਨ, ਧਰਤੀ ਵੇਖ ਕੇ ਕੰਬ ਉੱਠਦੀ ਹੈ!


5 ਯਹੋਵਾਹ ਦੀ ਹਜ਼ੂਰੀ ਵਿੱਚ ਪਰਬਤ ਮੋਮ ਵਾਂਗੂੰ ਪੰਘਰ ਜਾਂਦੇ ਹਨ! ਹਾਂ, ਸਾਰੀ ਧਰਤੀ ਦੇ ਪ੍ਰਭੂ ਦੀ ਹਜ਼ੂਰੀ ਵਿੱਚ!


6 ਅਕਾਸ਼ ਉਹ ਦੇ ਧਰਮ ਦਾ ਨਿਰਣਾ ਕਰਦੇ ਹਨ, ਅਤੇ ਸਾਰੇ ਲੋਕ ਉਹ ਦਾ ਪਰਤਾਪ ਵੇਖਦੇ ਹਨ।


7 ਉੱਕਰੀਆਂ ਹੋਈਆਂ ਮੂਰਤਾਂ ਦੇ ਸਾਰੇ ਪੁਜਾਰੀ, ਜਿਹੜੇ ਬੁੱਤਾਂ ਉੱਤੇ ਫੁੱਲਦੇ ਹਨ ਸ਼ਰਮਿੰਦੇ ਹੋਣ, ਸਾਰੇ ਦੇਵਤੇ ਉਹ ਨੂੰ ਮੱਥਾ ਟੇਕਣ!


8 ਹੇ ਯਹੋਵਾਹ, ਤੇਰਿਆਂ ਨਿਆਂਵਾਂ ਦੇ ਕਾਰਨ, ਸੀਯੋਨ ਨੇ ਸੁਣਿਆ ਅਤੇ ਅਨੰਦ ਹੋਇਆ, ਅਤੇ ਯਹੂਦਾਹ ਦੀਆਂ ਧੀਆਂ ਨੇ ਖੁਸ਼ੀ ਮਨਾਈ।


9 ਸਾਰੀ ਧਰਤੀ ਉੱਤੇ, ਹੇ ਯਹੋਵਾਹ, ਤੂੰ ਤਾਂ ਅੱਤ ਮਹਾਨ ਹੈਂ, ਤੂੰ ਸਾਰਿਆਂ ਦੇਵਤਿਆਂ ਨਾਲੋਂ ਬਹੁਤ ਮਹਾਨ ਹੈਂ!


10 ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ! ਉਹ ਆਪਣੇ ਸੰਤਾਂ ਦੀਆਂ ਜਾਨਾਂ ਦੀ ਰੱਖਿਆ ਕਰਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਉਂਦਾ ਹੈ।


11 ਧਰਮੀਆਂ ਲਈ ਚਾਨਣ ਬੀਜਿਆ ਗਿਆ ਹੈ, ਅਤੇ ਸਿੱਧੇ ਮਨ ਵਾਲਿਆਂ ਲਈ ਅਨੰਦ।


12 ਹੇ ਧਰਮੀਓ, ਯਹੋਵਾਹ ਵਿੱਚ ਅਨੰਦ ਹੋਵੋ, ਅਤੇ ਉਹ ਦੀ ਪਵਿੱਤਰ ਨਾਮ ਦਾ ਧੰਨਵਾਦ ਕਰੋ!