HindiBrethren

ਜ਼ਬੂਰ 12

1 ਪ੍ਰਧਾਨ ਵਜਾਉਣ ਵਾਲੇ ਲਈ ਖਰਜ਼ ਦੀ ਰਾਗ ਵਿੱਚ ਦਾਊਦ ਦਾ ਭਜਨ। ਹੇ ਯਹੋਵਾਹ, ਬਚਾ ਲੈ ਕਿਉਂ ਜੋ ਧਰਮੀ ਜਨ ਮੁੱਕ ਗਏ ਹਨ, ਅਤੇ ਆਦਮੀ ਦੀ ਸੰਤਾਨ ਵਿੱਚੋਂ ਵਫ਼ਾਦਾਰ ਜਾਂਦੇ ਰਹੇ ਹਨ।


2 ਉਹ ਇੱਕ ਦੂਜੇ ਨਾਲ ਝੂਠ ਬੋਲਦੇ ਹਨ, ਅਤੇ ਚੋਪੜੇ ਬੁੱਲ੍ਹਾਂ ਅਤੇ ਦੋ-ਦਿਲੀ ਨਾਲ ਗੱਲਾਂ ਕਰਦੇ ਹਨ।


3 ਯਹੋਵਾਹ ਸਾਰੇ ਚੋਪੜੇ ਬੁੱਲ੍ਹਾਂ ਨੂੰ ਨਾਲੇ ਉਸ ਜੀਭ ਨੂੰ ਜਿਹੜੀ ਵੱਡੇ ਬੋਲ ਬੋਲਦੀ ਹੈ, ਵੱਢ ਸੁੱਟੇਗਾ।


4 ਜਿਹਨਾਂ ਨੇ ਆਖਿਆ ਹੈ ਕਿ ਅਸੀਂ ਆਪਣੀਆਂ ਜੀਭਾਂ ਨਾਲ ਜਿੱਤਾਂਗੇ। ਸਾਡੇ ਬੁੱਲ੍ਹ ਸਾਡੇ ਆਪਣੇ ਹੀ ਹਨ, ਕੌਣ ਸਾਡਾ ਮਾਲਕ ਹੈ?


5 ਮਸਕੀਨਾਂ ਦੇ ਅਨ੍ਹੇਰੇ ਅਤੇ ਕੰਗਾਲਾਂ ਦੀ ਠੰਡੀ ਆਹ ਦੇ ਕਾਰਨ, ਹੁਣ ਮੈਂ ਉੱਠਾਂਗਾ, ਯਹੋਵਾਹ ਆਖਦਾ ਹੈ, ਮੈਂ ਉਸ ਨੂੰ ਉਸ ਬਚਾਓ ਵਿੱਚ ਰੱਖਾਂਗਾ ਜਿਹ ਦੇ ਲਈ ਉਹ ਹੌਂਕਦਾ ਹੈ।


6 ਯਹੋਵਾਹ ਦੇ ਬਚਨ ਪਾਕ ਬਚਨ ਹਨ, ਉਸ ਚਾਂਦੀ ਵਰਗੇ ਜਿਹੜੀ ਭੱਠੀ ਵਿੱਚ ਤਾਈ ਹੋਈ ਹੈ, ਅਤੇ ਸੱਤ ਵਾਰੀ ਨਿਰਮਲ ਕੀਤੀ ਹੋਈ ਹੈ।


7 ਹੇ ਯਹੋਵਾਹ, ਤੂੰ ਹੀ ਉਨ੍ਹਾਂ ਦੀ ਰੱਖਿਆ ਕਰੇਂਗਾ, ਤੂੰ ਉਨ੍ਹਾਂ ਨੂੰ ਇਸ ਪੀੜੀ ਤੋਂ ਸਦਾ ਤੱਕ ਬਚਾਈ ਰੱਖੇਂਗਾ।


8 ਦੁਸ਼ਟ ਚਾਰ ਚੁਫ਼ੇਰੇ ਫੁੱਲੇ ਫਿਰਦੇ ਹਨ, ਜਦ ਆਦਮ ਵੰਸ਼ ਦੀ ਨਖਿੱਧਤਾਈ ਦੀ ਵਡਿਆਈ ਹੁੰਦੀ ਹੈ।