HindiBrethren

ਜ਼ਬੂਰ 44

1 ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਮਸ਼ਕੀਲ। ਹੇ ਪਰਮੇਸ਼ੁਰ, ਅਸੀਂ ਆਪਣੇ ਕੰਨੀ ਸੁਣਿਆ, ਸਾਡੇ ਪੁਰਖਿਆਂ ਨੇ ਸਾਡੇ ਲਈ ਵਰਣਨ ਕੀਤਾ ਹੈ, ਕਿ ਤੂੰ ਉਨ੍ਹਾਂ ਦੇ ਦਿਨਾਂ ਵਿੱਚ ਅਤੇ ਪ੍ਰਾਚੀਨ ਸਮਿਆਂ ਵਿੱਚ ਕੀ ਕੰਮ ਕੀਤਾ।


2 ਤੂੰ ਆਪਣੇ ਹੱਥ ਨਾਲ ਪਰਾਈਆਂ ਕੌਮਾਂ ਨੂੰ ਪੁੱਟ ਦਿੱਤਾ, ਪਰ ਉਨ੍ਹਾਂ ਨੂੰ ਲਾਇਆ। ਤੂੰ ਉੱਮਤਾਂ ਨੂੰ ਦੁੱਖ ਦਿੱਤਾ, ਪਰ ਉਨ੍ਹਾਂ ਨੂੰ ਫੈਲਾ ਦਿੱਤਾ।


3 ਉਨ੍ਹਾਂ ਨੇ ਆਪਣੀ ਤਲਵਾਰ ਨਾਲ ਉਸ ਧਰਤੀ ਨੂੰ ਵਿਰਾਸਤ ਵਿੱਚ ਨਹੀਂ ਲਿਆ, ਨਾ ਉਨ੍ਹਾਂ ਦੀ ਬਾਂਹ ਨੇ ਉਨ੍ਹਾਂ ਨੂੰ ਬਚਾਇਆ, ਸਗੋਂ ਤੇਰੇ ਸੱਜੇ ਹੱਥ ਅਤੇ ਤੇਰੀ ਬਾਂਹ ਅਤੇ ਤੇਰੇ ਮੁਖ ਦੇ ਚਾਨਣ ਨੇ ਇਹ ਕੀਤਾ, ਕਿਉਂ ਜੋ ਤੂੰ ਉਨ੍ਹਾਂ ਦਾ ਪੱਖ ਕੀਤਾ।


4 ਹੇ ਪਰਮੇਸ਼ੁਰ, ਤੂੰ ਹੀ ਮੇਰਾ ਪਾਤਸ਼ਾਹ ਹੈਂ, ਯਾਕੂਬ ਲਈ ਜਿੱਤਾਂ ਦਾ ਹੁਕਮ ਕਰ!


5 ਤੇਰੇ ਰਾਹੀਂ ਅਸੀਂ ਆਪਣੇ ਵਿਰੋਧੀਆਂ ਨੂੰ ਹੇਠਾਂ ਧੱਕਾਂਗੇ, ਤੇਰੇ ਨਾਮ ਤੋਂ ਅਸੀਂ ਆਪਣਿਆਂ ਦੁਸ਼ਮਣਾਂ ਨੂੰ ਮਿੱਧਾਂਗੇ,


6 ਕਿਉਂ ਜੋ ਮੈਂ ਆਪਣੇ ਧਣੁੱਖ ਉੱਤੇ ਭਰੋਸਾ ਨਾ ਰੱਖਾਂਗਾ, ਨਾ ਮੇਰੀ ਤਲਵਾਰ ਮੈਨੂੰ ਬਚਾਵੇਗੀ,


7 ਪਰ ਤੂੰ ਸਾਨੂੰ ਸਾਡਿਆਂ ਵਿਰੋਧੀਆਂ ਤੋਂ ਬਚਾਇਆ ਹੈ, ਤੂੰ ਸਾਡਿਆਂ ਈਰਖਾ ਕਰਨ ਵਾਲੇ ਨੂੰ ਸ਼ਰਮਿੰਦੇ ਕੀਤਾ ਹੈ।


8 ਸਾਰੇ ਦਿਨ ਅਸੀਂ ਪਰਮੇਸ਼ੁਰ ਵਿੱਚ ਮਗਨ ਹੁੰਦੇ ਹਾਂ, ਅਤੇ ਅਸੀਂ ਸਦਾ ਤੇਰੇ ਨਾਮ ਦਾ ਧੰਨਵਾਦ ਕਰਾਂਗੇ। ਸਲਹ।


9 ਪਰ ਤੂੰ ਸਾਨੂੰ ਤਿਆਗਿਆ ਅਤੇ ਬੇਪਤ ਕੀਤਾ ਹੈ, ਅਤੇ ਸਾਡੀਆਂ ਸੈਨਾਂ ਨਾਲ ਨਹੀਂ ਚੱਲਦਾ।


10 ਤੂੰ ਵਿਰੋਧੀਆਂ ਦੇ ਸਾਹਮਣਿਓਂ ਸਾਨੂੰ ਪਿਛਾਂਹ ਹਟਾਉਂਦਾ ਹੈਂ, ਅਤੇ ਸਾਡੇ ਈਰਖਾ ਕਰਨ ਵਾਲੇ ਆਪਣੇ ਲਈ ਲੁੱਟ ਮਾਰ ਕਰਦੇ ਹਨ।


11 ਤੂੰ ਸਾਨੂੰ ਖਾਧੀਆਂ ਜਾਣ ਵਾਲੀਆਂ ਭੇਡਾਂ ਵਾਂਗੂੰ ਬਣਾਉਂਦਾ ਹੈ, ਅਤੇ ਪਰਾਈਆਂ ਕੌਮਾਂ ਵਿੱਚ ਤੂੰ ਸਾਨੂੰ ਖਿੰਡਾ ਦਿੱਤਾ ਹੈ।


12 ਤੂੰ ਆਪਣੀ ਪਰਜਾ ਨੂੰ ਮੁਖ਼ਤ ਵੇਚਦਾ ਹੈਂ, ਪਰ ਉਨ੍ਹਾਂ ਦੇ ਮੁੱਲ ਤੋਂ ਤੂੰ ਆਪਣਾ ਧਨ ਨਹੀਂ ਵਧਾਇਆ ਹੈ।


13 ਤੂੰ ਸਾਡੇ ਗੁਆਂਢੀਆਂ ਲਈ ਸਾਨੂੰ ਨਿੰਦਿਆ, ਅਤੇ ਆਲੇ-ਦੁਆਲੇ ਰਹਿਣ ਵਾਲਿਆਂ ਲਈ ਸਾਨੂੰ ਠੱਠਾ ਅਤੇ ਹਾਸੀ ਬਣਾਉਂਦਾ ਹੈਂ।


14 ਤੂੰ ਕੌਮਾਂ ਵਿੱਚ ਸਾਨੂੰ ਕਹਾਉਤ ਬਣਾਉਂਦਾ ਹੈਂ, ਅਤੇ ਉੱਮਤਾਂ ਵਿੱਚ ਸਿਰ ਹਿਲਾਉਣ ਦਾ ਕਾਰਨ।


15 ਸਾਰੇ ਦਿਨ ਮੇਰੀ ਲਾਜ ਮੇਰੀ ਪਰਤੱਖ਼ ਹੈ, ਅਤੇ ਮੇਰੇ ਮੂੰਹ ਦੀ ਨਮੋਸ਼ੀ ਨੇ ਮੈਨੂੰ ਢੱਕ ਦਿੱਤਾ ਹੈ,


16 ਤਰਾਣ ਦੇਣ ਵਾਲੇ ਅਤੇ ਕੁਫ਼ਰ ਬਕਣ ਵਾਲੇ ਦੀ ਅਵਾਜ਼ ਦੇ ਕਾਰਨ, ਅਤੇ ਵੈਰੀ ਤੇ ਵੱਟਾ ਲੈਣ ਵਾਲੇ ਦੇ ਕਾਰਨ।


17 ਇਹ ਸੱਭੋ ਕੁਝ ਸਾਡੇ ਉੱਤੇ ਬੀਤਿਆ ਹੈ, ਪਰ ਅਸੀਂ ਤੈਨੂੰ ਨਹੀਂ ਵਿਸਾਰਿਆ, ਨਾ ਤੇਰੇ ਨੇਮ ਵਿੱਚ ਬੇਈਮਾਨੀ ਕੀਤੀ ਹੈ।


18 ਸਾਡਾ ਮਨ ਪਿਛਾਂਹ ਨਹੀਂ ਹਟਿਆ, ਨਾ ਸਾਡੇ ਪੈਰ ਤੇਰੇ ਮਾਰਗ ਤੋਂ ਮੁੜੇ,


19 ਭਾਵੇਂ ਤੂੰ ਗਿੱਦੜਾਂ ਦੇ ਥਾਂ ਵਿੱਚ ਸਾਨੂੰ ਕੁਚਲਿਆ ਹੈ, ਅਤੇ ਮੌਤ ਦੀ ਛਾਇਆ ਹੇਠ ਸਾਨੂੰ ਢੱਕ ਦਿੱਤਾ ਹੈ।


20 ਜੇ ਅਸੀਂ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਵਿਸਾਰਿਆ ਹੈ, ਅਥਵਾ ਓਪਰੇ ਦੇਵਤੇ ਵੱਲ ਆਪਣੇ ਹੱਥ ਅੱਡੇ ਹਨ,


21 ਤਾਂ ਭਲਾ, ਪਰਮੇਸ਼ੁਰ ਇਸ ਗੱਲ ਦਾ ਖੋਜ ਨਾ ਕਰੇਗਾ? ਉਹ ਤਾਂ ਮਨ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ!


22 ਹਾਂ, ਅਸੀਂ ਤੇਰੇ ਨਾਲ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਹੀਆਂ ਜਾਣ ਵਾਲੀਆਂ ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ!।


23 ਹੇ ਪ੍ਰਭੂ, ਜਾਗ! ਤੂੰ ਕਾਹਨੂੰ ਸੁੱਤਾ ਹੈਂ? ਜਾਗ ਉੱਠ! ਸਦਾ ਤੱਕ ਸਾਨੂੰ ਤਿਆਗ ਨਾ ਦੇ।


24 ਤੂੰ ਆਪਣਾ ਮੂੰਹ ਕਾਹਨੂੰ ਲੁਕਾਉਂਦਾ ਹੈਂ, ਅਤੇ ਸਾਡੇ ਦੁੱਖ ਅਤੇ ਦਬਾਓ ਨੂੰ ਵਿਸਾਰਦਾ ਹੈਂ?


25 ਕਿਉਂ ਜੋ ਸਾਡੀ ਜਾਨ ਖਾਕ ਤੱਕ ਝੁੱਕ ਗਈ ਹੈ, ਸਾਡਾ ਢਿੱਡ ਭੋਂ ਨਾਲ ਲੱਗ ਗਿਆ ਹੈ!


26 ਉੱਠ, ਸਾਡੀ ਸਹਾਇਤਾ ਕਰ, ਅਤੇ ਆਪਣੀ ਦਯਾ ਦੇ ਨਮਿੱਤ ਸਾਨੂੰ ਛੁਟਕਾਰਾ ਦੇ!।