HindiBrethren

ਜ਼ਬੂਰ 62

1 ਪ੍ਰਧਾਨ ਵਜਾਉਣ ਵਾਲੇ ਦੇ ਲਈ: ਦਾਊਦ ਦਾ ਭਜਨ। ਯਦੂਥੂਨ ਦੀ ਰਾਗ ਉੱਤੇ। ਮੇਰੀ ਜਾਨ ਪਰਮੇਸ਼ੁਰ ਦੇ ਹੀ ਅੱਗੇ ਚੁੱਪ-ਚਾਪ ਹੈ, ਮੇਰਾ ਬਚਾਓ ਉਸੇ ਵੱਲੋਂ ਹੈ।


2 ਉਹੋ ਮੇਰੀ ਚੱਟਾਨ ਅਤੇ ਮੇਰਾ ਬਚਾਓ ਹੈ, ਉਹ ਮੇਰਾ ਉੱਚਾ ਗੜ੍ਹ ਹੈ, ਮੈਂ ਬਹੁਤਾ ਨਾ ਡੋਲਾਂਗਾ।


3 ਤੁਸੀਂ ਕਦ ਤੋੜੀ ਇੱਕ ਮਨੁੱਖ ਉੱਤੇ ਹੱਲਾ ਕਰਦੇ ਰਹੋਗੇ, ਤਾਂ ਜੋ ਤੁਸੀਂ ਸਭ ਮਿਲ ਕੇ ਉਸ ਨੂੰ ਵੱਢ ਸੁੱਟੋ, ਜੋ ਝੁਕੀ ਹੋਈ ਕੰਧ ਤੇ ਹਿੱਲਦੀ ਹੋਈ ਵਾੜ ਵਰਗਾ ਹੈ?


4 ਓਹ ਮਤਾ ਪਕਾਉਂਦੇ ਹਨ ਨਿਰਾ ਇਸੇ ਲਈ ਕਿ ਉਹ ਨੂੰ ਉਹ ਦੀ ਪਦਵੀ ਤੋਂ ਡੇਗ ਦੇਣ, ਓਹ ਝੂਠ ਨੂੰ ਪਸੰਦ ਕਰਦੇ ਹਨ, ਮੂੰਹੋਂ ਤਾਂ ਓਹ ਅਸੀਸ ਦਿੰਦੇ ਹਨ ਪਰ ਅੰਦਰੋਂ ਸਰਾਪ ਦਿੰਦੇ ਹਨ। ਸਲਹ।


5 ਹੇ ਮੇਰੀ ਜਾਨ, ਤੂੰ ਪਰਮੇਸ਼ੁਰ ਹੀ ਦੇ ਅੱਗੇ ਚੁੱਪ-ਚਾਪ ਰਹਿ, ਕਿਉਂ ਜੋ ਮੇਰੀ ਤਾਂਘ ਉਸੇ ਵੱਲੋਂ ਹੈ।


6 ਉਹੋ ਮੇਰੀ ਚੱਟਾਨ ਅਤੇ ਮੇਰਾ ਬਚਾਓ ਹੈ, ਉਹੋ ਮੇਰਾ ਉੱਚਾ ਗੜ੍ਹ ਹੈ, ਮੈਂ ਨਾ ਡੋਲਾਂਗਾ।


7 ਮੇਰਾ ਬਚਾਓ ਅਤੇ ਮੇਰਾ ਪਰਤਾਪ ਪਰਮੇਸ਼ੁਰ ਉੱਤੇ ਕਾਇਮ ਹੈ, ਮੇਰੇ ਬਲ ਦੀ ਚੱਟਾਨ ਅਤੇ ਮੇਰੀ ਪਨਾਹ ਪਰਮੇਸ਼ੁਰ ਵਿੱਚ ਹੈ।


8 ਹੇ ਪਰਜਾ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, ਆਪਣਾ ਮਨ ਉਹ ਦੇ ਅੱਗੇ ਖੋਲ੍ਹ ਦਿਓ, ਪਰਮੇਸ਼ੁਰ ਸਾਡੀ ਪਨਾਹ ਹੈ। ਸਲਹ।


9 ਨੀਚ ਲੋਕ ਸਾਹ ਹੀ ਹਨ, ਅਤੇ ਉੱਚੀ ਪਦਵੀ ਵਾਲੇ ਮਿਥਿਆ ਹਨ, ਤੱਕੜੀ ਵਿੱਚ ਉਹ ਉਤਾਹਾਂ ਚੜ੍ਹ ਜਾਂਦੇ ਹਨ, ਓਹ ਸਾਹ ਨਾਲੋਂ ਹਲਕੇ ਹਨ।


10 ਅਨ੍ਹੇਰ ਉੱਤੇ ਭਰੋਸਾ ਨਾ ਰੱਖੋ, ਨਾ ਲੁੱਟ ਮਾਰ ਕਰ ਕੇ ਫੂੰ-ਫੂੰ ਕਰੋ, ਧਨ ਸੰਪਤੀ ਜੇ ਵਧ ਜਾਵੇ ਤਾਂ ਉਸ ਉੱਤੇ ਮਨ ਨਾ ਲਾਓ।


11 ਪਰਮੇਸ਼ੁਰ ਇੱਕੋ ਵਾਰ ਬੋਲਿਆ, ਸਗੋਂ ਦੋ ਵਾਰੀ ਮੈਂ ਇਹ ਸੁਣਿਆ, ਕਿ ਸਮਰੱਥਾ ਪਰਮੇਸ਼ੁਰ ਦੀ ਹੈ।


12 ਹੇ ਪ੍ਰਭੂ, ਦਯਾ ਵੀ ਤੇਰੀ ਹੀ ਹੈ, ਕਿਉਂ ਜੋ ਤੂੰ ਹਰ ਮਨੁੱਖ ਨੂੰ ਉਹ ਦੀਆਂ ਕੀਤੀਆਂ ਅਨੁਸਾਰ ਫਲ ਦਿੰਦਾ ਹੈਂ।