HindiBrethren

ਜ਼ਬੂਰ 47

1 ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਇੱਕ ਭਜਨ। ਹੇ ਸਭ ਲੋਕੋ, ਤਾੜੀਆਂ ਵਜਾਓ, ਜੈ-ਜੈਕਾਰ ਦੇ ਸ਼ਬਦ ਨਾਲ ਪਰਮੇਸ਼ੁਰ ਲਈ ਲਲਕਾਰੋ,


2 ਕਿਉਂ ਜੋ ਯਹੋਵਾਹ ਅੱਤ ਮਹਾਨ ਤੇ ਭਿਆਨਕ ਹੈ, ਉਹ ਸਾਰੇ ਜਗਤ ਦਾ ਮਹਾਰਾਜਾ ਹੈ!


3 ਉਹ ਲੋਕਾਂ ਨੂੰ ਸਾਡੇ ਹੇਠਾਂ ਦਬਾ ਦਿੰਦਾ, ਅਤੇ ਉੱਮਤਾਂ ਨੂੰ ਸਾਡੇ ਪੈਰਾਂ ਹੇਠ ਕਰ ਦਿੰਦਾ ਹੈ।


4 ਉਹ ਸਾਡੇ ਲਈ ਸਾਡੇ ਅਧਿਕਾਰ ਨੂੰ ਚੁਣਦਾ ਹੈ, ਆਪਣੇ ਪਿਆਰੇ ਯਾਕੂਬ ਦੀ ਉੱਤਮਤਾਈ ਨੂੰ। ਸਲਹ।


5 ਪਰਮੇਸ਼ੁਰ ਲਲਕਾਰ ਨਾਲ ਉੱਪਰ ਚੜ੍ਹ ਗਿਆ ਹੈ, ਯਹੋਵਾਹ ਨਰਸਿੰਗੇ ਦੀ ਅਵਾਜ਼ ਨਾਲ।


6 ਪਰਮੇਸ਼ੁਰ ਦਾ ਭਜਨ ਗਾਓ, ਅਰਾਧਨਾ ਕਰੋ, ਸਾਡੇ ਪਾਤਸ਼ਾਹ ਦੇ ਗੁਣ ਗਾਓ, ਗੁਣ ਗਾਓ!


7 ਪਰਮੇਸ਼ੁਰ ਸਾਰੇ ਜਗਤ ਦਾ ਪਾਤਸ਼ਾਹ ਜੋ ਹੈ, ਸੁਰ ਤਾਲ ਨਾਲ ਅਰਾਧਨਾ ਕਰੋ!


8 ਪਰਮੇਸ਼ੁਰ ਪਰਾਈਆਂ ਕੌਮਾਂ ਉੱਤੇ ਰਾਜ ਕਰਦਾ ਹੈ, ਪਰਮੇਸ਼ੁਰ ਆਪਣੇ ਪਵਿੱਤਰ ਸਿੰਘਾਸਣ ਉੱਤੇ ਬੈਠਾ ਹੈ।


9 ਕੌਮਾਂ ਦੇ ਪਤਵੰਤ ਇਕੱਠੇ ਹੋਏ ਹਨ, ਕਿ ਉਹ ਅਬਰਾਹਾਮ ਦੇ ਪਰਮੇਸ਼ੁਰ ਦੀ ਪਰਜਾ ਹੋਣ। ਧਰਤੀ ਦੀਆਂ ਢਾਲਾਂ ਪਰਮੇਸ਼ੁਰ ਦੀਆਂ ਹਨ, ਉਹ ਅੱਤ ਮਹਾਨ ਹੈ!