HindiBrethren

ਲੂਕਾ 3

1 ਫੇਰ ਤਿਬਿਰਿਯਾਸ ਕੈਸਰ ਦੇ ਰਾਜ ਦੇ ਪੰਦਰਵੇਂ ਸਾਲ ਜਦ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ ਸੀ, ਅਤੇ ਹੇਰੋਦੇਸ ਗਲੀਲ ਦਾ ਰਾਜਾ ਅਤੇ ਉਸ ਦਾ ਭਰਾ ਫ਼ਿਲਿਪੁੱਸ ਇਤੂਰਿਯਾ ਅਤੇ ਤਰਖੋਨੀਤਿਸ ਦੇਸ ਦਾ ਰਾਜਾ ਅਤੇ ਲੁਸਾਨਿਯੁਸ ਅਬਿਲੇਨੇ ਦਾ ਰਾਜਾ ਸੀ।


2 ਹੱਨਾ ਅਤੇ ਕਾਇਫਾ ਸਰਦਾਰ ਜਾਜਕਾਂ ਦੇ ਸਮੇਂ, ਪਰਮੇਸ਼ੁਰ ਦਾ ਬਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ ਪਹੁੰਚਿਆ।


3 ਅਤੇ ਉਹ ਯਰਦਨ ਦੇ ਸਾਰੇ ਆਲੇ-ਦੁਆਲੇ ਦੇ ਖੇਤਰ ਵਿੱਚ ਗਿਆ ਅਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪਰਚਾਰ ਕਰਦਾ ਰਿਹਾ।


4 ਜਿਸ ਤਰ੍ਹਾਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ, ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼, “ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ, ਉਸ ਦੇ ਰਾਹਾਂ ਨੂੰ ਸਿੱਧੇ ਕਰੋ”।


5 ਹਰੇਕ ਘਾਟੀ ਭਰ ਦਿੱਤੀ ਜਾਵੇਗੀ, ਅਤੇ ਹਰੇਕ ਪਰਬਤ ਅਤੇ ਟਿੱਬਾ ਨੀਵਾਂ ਕੀਤਾ ਜਾਵੇਗਾ, ਅਤੇ ਟੇਡੇ ਮੇਢੇ ਅਤੇ ਖੁਰਦਲੇ ਰਸਤੇ ਸਿੱਧੇ ਅਤੇ ਪੱਧਰੇ ਕੀਤੇ ਜਾਣਗੇ,


6 ਅਤੇ ਸਭ ਲੋਕ ਪਰਮੇਸ਼ੁਰ ਦੀ ਮੁਕਤੀ ਵੇਖਣਗੇ।


7 ਤਦ ਉਸ ਨੇ ਉਸ ਭੀੜ ਨੂੰ ਜੋ ਉਸ ਤੋਂ ਬਪਤਿਸਮਾ ਲੈਣ ਲਈ ਆਉਂਦੇ ਸਨ, ਆਖਿਆ, “ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਆਉਣ ਵਾਲੇ ਕਹਿਰ ਤੋਂ ਭੱਜਣ ਲਈ ਕਿਸ ਨੇ ਚਿਤਾਵਨੀ ਦਿੱਤੀ?”


8 ਸੋ ਤੁਸੀਂ ਤੋਬਾ ਦੇ ਯੋਗ ਫਲ ਲਿਆਓ ਅਤੇ ਆਪਣੇ ਮਨ ਵਿੱਚ ਇਹ ਨਾ ਸੋਚੋ ਕਿ ਅਬਰਾਹਾਮ ਸਾਡਾ ਪਿਤਾ ਹੈ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਵੀ ਸੰਤਾਨ ਪੈਦਾ ਕਰ ਸਕਦਾ ਹੈ।


9 ਹੁਣ ਕੁਹਾੜਾ ਰੁੱਖਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਹੈ। ਸੋ ਹਰੇਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ ਉਹ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।


10 ਤਦ ਲੋਕਾਂ ਨੇ ਉਸ ਤੋਂ ਪੁੱਛਿਆ, ਫੇਰ ਅਸੀਂ ਕੀ ਕਰੀਏ?


11 ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਿਸ ਦੇ ਕੋਲ ਦੋ ਕੁੜਤੇ ਹੋਣ, ਉਹ ਉਸ ਨੂੰ ਦੇ ਦੇਵੇ ਜਿਸ ਦੇ ਕੋਲ ਨਹੀਂ ਹੈ ਅਤੇ ਜਿਸ ਦੇ ਕੋਲ ਖਾਣ ਨੂੰ ਹੋਵੇ ਉਹ ਵੀ ਇਸੇ ਤਰ੍ਹਾਂ ਕਰੇ।


12 ਤਦ ਚੂੰਗੀ ਲੈਣ ਵਾਲੇ ਵੀ ਉਸ ਕੋਲ ਬਪਤਿਸਮਾ ਲੈਣ ਲਈ ਆਏ ਅਤੇ ਉਸ ਨੂੰ ਕਿਹਾ, ਗੁਰੂ ਜੀ ਅਸੀਂ ਕੀ ਕਰੀਏ?


13 ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਲਈ ਜੋ ਠਹਿਰਾਇਆ ਹੋਇਆ ਹੈ ਉਸ ਨਾਲੋਂ ਵੱਧ ਵਸੂਲ ਨਾ ਕਰੋ।


14 ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ ਕਿ “ਅਸੀਂ ਕੀ ਕਰੀਏ”? ਉਸ ਨੇ ਉਨ੍ਹਾਂ ਨੂੰ ਆਖਿਆ, ਕਿਸੇ ਉੱਤੇ ਜ਼ੁਲਮ ਨਾ ਕਰੋ, ਨਾ ਕਿਸੇ ਉੱਤੇ ਝੂਠਾ ਦੋਸ਼ ਲਾਓ ਪਰ ਆਪਣੀ ਤਨਖਾਹ ਉੱਤੇ ਸੰਤੋਖ ਕਰੋ।


15 ਜਦ ਲੋਕ ਮਸੀਹ ਦੇ ਆਉਣ ਦੀ ਉਡੀਕ ਵਿੱਚ ਸਨ ਅਤੇ ਸਾਰੇ ਆਪਣੇ ਮਨ ਵਿੱਚ ਯੂਹੰਨਾ ਦੇ ਬਾਰੇ ਵਿਚਾਰ ਕਰਦੇ ਸਨ ਕਿ ਕਿਤੇ ਇਹੋ ਤਾਂ ਮਸੀਹ ਨਹੀਂ ਹੈ?


16 ਤਦ ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਤੇ ਕਿਹਾ ਕਿ ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਇੱਕ ਬਲਵੰਤ ਮੇਰੇ ਮਗਰੋਂ ਆਉਂਦਾ ਹੈ, ਜਿਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਮੈਂ ਯੋਗ ਨਹੀਂ ਹਾਂ, ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ।


17 ਉਹ ਦੀ ਤੰਗੁਲੀ ਉਹ ਦੇ ਹੱਥ ਵਿੱਚ ਹੈ ਕਿ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ ਅਤੇ ਕਣਕ ਨੂੰ ਆਪਣੇ ਗੋਦਾਮ ਵਿੱਚ ਜਮਾਂ ਕਰੇਗਾ ਪਰ ਉਹ ਤੂੜੀ ਨੂੰ ਉਸ ਅੱਗ ਵਿੱਚ ਸਾੜੇਗਾ ਜਿਹੜੀ ਕਦੇ ਬੁਝਦੀ ਨਹੀਂ।


18 ਫੇਰ ਉਹ ਹੋਰ ਬਥੇਰੀਆਂ ਗੱਲਾਂ ਨਾਲ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ਖਬਰੀ ਸੁਣਾਉਂਦਾ ਰਿਹਾ।


19 ਪਰ ਰਾਜਾ ਹੇਰੋਦੇਸ ਨੇ ਆਪਣੇ ਭਰਾ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਅਤੇ ਸਾਰੀਆਂ ਬੁਰਾਈਆਂ ਦੇ ਕਾਰਨ ਜਿਹੜੀਆਂ ਹੇਰੋਦੇਸ ਨੇ ਕੀਤੀਆਂ ਸਨ ਉਸ ਦੇ ਕੋਲੋਂ ਬੇਇੱਜ਼ਤ ਹੋ ਕੇ


20 ਸਭ ਤੋਂ ਵੱਧ ਇਹ ਵੀ ਕੀਤਾ ਜੋ ਯੂਹੰਨਾ ਨੂੰ ਕੈਦ ਕਰ ਦਿੱਤਾ।


21 ਜਦ ਸਭ ਲੋਕ ਬਪਤਿਸਮਾ ਲੈ ਹਟੇ ਅਤੇ ਯਿਸੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਅਜਿਹਾ ਹੋਇਆ ਕਿ ਅਕਾਸ਼ ਖੁੱਲ੍ਹ ਗਿਆ


22 ਅਤੇ ਪਵਿੱਤਰ ਆਤਮਾ ਦੇਹ ਦਾ ਰੂਪ ਧਾਰ ਕੇ ਘੁੱਗੀ ਵਾਂਗੂੰ ਉਸ ਉੱਤੇ ਉੱਤਰਿਆ ਅਤੇ ਇੱਕ ਸਵਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤਰ ਹੈਂ, ਤੇਰੇ ਤੋਂ ਮੈਂ ਖੁਸ਼ ਹਾਂ।


23 ਯਿਸੂ ਆਪ ਜਦ ਉਪਦੇਸ਼ ਦੇਣ ਲੱਗਾ ਤਾਂ ਤੀਹਾਂ ਕੁ ਸਾਲਾਂ ਦਾ ਸੀ ਅਤੇ ਜਿਵੇਂ ਲੋਕ ਸਮਝਦੇ ਸਨ ਉਹ ਯੂਸੁਫ਼ ਦਾ ਪੁੱਤਰ ਸੀ ਜਿਹੜਾ ਏਲੀ ਦਾ ਸੀ।


24 ਉਹ ਮੱਥਾਤ ਦਾ, ਉਹ ਲੇਵੀ ਦਾ, ਉਹ ਮਲਕੀ ਦਾ, ਉਹ ਯੰਨਾਈ ਦਾ, ਉਹ ਯੂਸੁਫ਼ ਦਾ,


25 ਉਹ ਮੱਤਿਥਯਾਹ ਦਾ, ਉਹ ਆਮੋਸ ਦਾ, ਉਹ ਨਹੂਮ ਦਾ, ਉਹ ਹਸਲੀ ਦਾ, ਉਹ ਨੱਗਈ ਦਾ,


26 ਉਹ ਮਾਹਥ ਦਾ, ਉਹ ਮੱਤਿਥਯਾਹ ਦਾ, ਉਹ ਸ਼ਿਮਈ ਦਾ, ਉਹ ਯੋਸੇਕ ਦਾ, ਉਹ ਯਹੂਦਾਹ ਦਾ,


27 ਉਹ ਯੋਹਾਨਾਨ ਦਾ, ਉਹ ਰੇਸਹ ਦਾ, ਉਹ ਜ਼ਰੁੱਬਾਬਲ ਦਾ, ਉਹ ਸ਼ਅਲਤੀਏਲ ਦਾ, ਉਹ ਨੇਰੀ ਦਾ,


28 ਉਹ ਮਲਕੀ ਦਾ, ਉਹ ਅੱਦੀ ਦਾ, ਉਹ ਕੋਸਾਮ ਦਾ, ਉਹ ਅਲਮੋਦਾਮ ਦਾ, ਉਹ ਏਰ ਦਾ,


29 ਉਹ ਯੋਸੇ ਦਾ, ਉਹ ਅਲੀਆਜ਼ਰ ਦਾ, ਉਹ ਯੋਰਾਮ ਦਾ, ਉਹ ਮੱਥਾਤ ਦਾ, ਉਹ ਲੇਵੀ ਦਾ,


30 ਉਹ ਸ਼ਿਮਉਨ ਦਾ, ਉਹ ਯਹੂਦਾਹ ਦਾ, ਉਹ ਯੂਸੁਫ਼ ਦਾ, ਉਹ ਯੋਨਾਨ ਦਾ, ਉਹ ਅਲਯਾਕੀਮ ਦਾ,


31 ਉਹ ਮਲਯੇ ਦਾ, ਉਹ ਮੇਨਾਨ ਦਾ, ਉਹ ਮੱਤਥੇ ਦਾ, ਉਹ ਨਾਥਾਨ ਦਾ, ਉਹ ਦਾਊਦ ਦਾ,


32 ਉਹ ਯੱਸੀ ਦਾ, ਉਹ ਓਬੇਦ ਦਾ, ਉਹ ਬੋਅਜ਼ ਦਾ, ਉਹ ਸਲਮੋਨ ਦਾ, ਉਹ ਨਹਸ਼ੋਨ ਦਾ,


33 ਉਹ ਅੰਮੀਨਾਦਾਬ ਦਾ, ਉਹ ਅਰਨੀ ਦਾ, ਉਹ ਹਸਰੋਨ ਦਾ, ਉਹ ਫ਼ਰਸ ਦਾ, ਉਹ ਯਹੂਦਾਹ ਦਾ,


34 ਉਹ ਯਾਕੂਬ ਦਾ, ਉਹ ਇਸਹਾਕ ਦਾ, ਉਹ ਅਬਰਾਹਾਮ ਦਾ, ਉਹ ਤਾਰਹ ਦਾ, ਉਹ ਨਹੋਰ ਦਾ,


35 ਉਹ ਸਰੂਗ ਦਾ, ਉਹ ਰਊ ਦਾ, ਉਹ ਪਲਗ ਦਾ, ਉਹ ਏਬਰ ਦਾ, ਉਹ ਸ਼ਲਹ ਦਾ,


36 ਉਹ ਕੇਨਾਨ ਦਾ, ਉਹ ਅਰਪਕਸ਼ਾਦ ਦਾ, ਉਹ ਸ਼ੇਮ ਦਾ, ਉਹ ਨੂਹ ਦਾ, ਉਹ ਲਾਮਕ ਦਾ,


37 ਉਹ ਮਥੂਸਲਹ ਦਾ, ਉਹ ਹਨੋਕ ਦਾ, ਉਹ ਯਰਦ ਦਾ, ਉਹ ਮਹਲਲੇਲ ਦਾ, ਉਹ ਕੇਨਾਨ ਦਾ,


38 ਉਹ ਅਨੋਸ਼ ਦਾ, ਉਹ ਸੇਥ ਦਾ, ਉਹ ਆਦਮ ਦਾ, ਉਹ ਪਰਮੇਸ਼ੁਰ ਦਾ ਪੁੱਤਰ ਸੀ।