HindiBrethren

1 ਰਾਜਿਆਂ 12

1 ਰਹਬੁਆਮ ਸ਼ਕਮ ਨੂੰ ਗਿਆ ਕਿਉਂ ਜੋ ਸਾਰਾ ਇਸਰਾਏਲ ਉਸ ਨੂੰ ਰਾਜਾ ਬਣਾਉਣ ਲਈ ਸ਼ਕਮ ਵਿੱਚ ਆਇਆ ਹੋਇਆ ਸੀ।


2 ਫੇਰ ਅਜਿਹਾ ਹੋਇਆ ਕਿ ਜਦ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਜਿਹੜਾ ਅਜੇ ਤੱਕ ਮਿਸਰ ਵਿੱਚ ਸੀ ਇਹ ਸੁਣਿਆ ਕਿਉਂ ਜੋ ਉਹ ਸੁਲੇਮਾਨ ਪਾਤਸ਼ਾਹ ਦੇ ਅੱਗੋਂ ਭੱਜ ਗਿਆ ਸੀ ਅਤੇ ਯਾਰਾਬੁਆਮ ਮਿਸਰ ਵਿੱਚ ਜਾ ਵੱਸਿਆ ।


3 ਉਨ੍ਹਾਂ ਨੇ ਉਸ ਨੂੰ ਸੱਦਾ ਭੇਜਿਆ ਤਾਂ ਯਾਰਾਬੁਆਮ ਅਤੇ ਇਸਰਾਏਲ ਦੀ ਸਾਰੀ ਸਭਾ ਨੇ ਰਹਬੁਆਮ ਨਾਲ ਗੱਲ ਕੀਤੀ,


4 ਤੁਹਾਡੇ ਪਿਤਾ ਨੇ ਸਾਡੇ ਜੂਲੇ ਨੂੰ ਔਖਾ ਕੀਤਾ ਹੋਇਆ ਸੀ ਸੋ ਹੁਣ ਤੁਸੀਂ ਆਪਣੇ ਪਿਤਾ ਦੀ ਉਸ ਔਖੀ ਸੇਵਾ ਨੂੰ ਅਤੇ ਉਸ ਭਾਰੀ ਜੂਲੇ ਨੂੰ ਜੋ ਸਾਡੇ ਉੱਤੇ ਦੇ ਰੱਖਿਆ ਹੈ ਹੌਲਾ ਕਰੋ ਤਾਂ ਅਸੀਂ ਤੁਹਾਡੀ ਸੇਵਾ ਕਰਾਂਗੇ।


5 ਤਾਂ ਉਸ ਉਨ੍ਹਾਂ ਨੂੰ ਆਖਿਆ, ਤੁਸੀਂ ਹੁਣ ਤਾਂ ਤਿੰਨਾਂ ਦਿਨਾਂ ਲਈ ਚੱਲੇ ਜਾਓ ਫੇਰ ਮੇਰੇ ਕੋਲ ਆਇਓ ਤਾਂ ਲੋਕ ਚਲੇ ਗਏ।


6 ਫੇਰ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਬਜ਼ੁਰਗਾਂ ਨਾਲ ਸਲਾਹ ਕੀਤੀ ਜਿਹੜੇ ਉਸ ਦੇ ਪਿਤਾ ਸੁਲੇਮਾਨ ਦੇ ਸਨਮੁਖ ਜਦ ਉਹ ਜਿਉਂਦਾ ਸੀ, ਖੜ੍ਹੇ ਰਹਿੰਦੇ ਸਨ, ਕਿ ਤੁਸੀਂ ਮੈਨੂੰ ਕਿ ਸਲਾਹ ਦਿੰਦੇ ਹੋ ਜੋ ਮੈਂ ਇੰਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਉੱਤਰ ਦਿਆਂ?


7 ਤਾਂ ਉਹ ਉਸ ਨੂੰ ਬੋਲੇ ਕਿ ਅੱਜ ਦੇ ਦਿਨ ਜੇ ਤੂੰ ਇਨ੍ਹਾਂ ਲੋਕਾਂ ਦਾ ਸੇਵਕ ਬਣੇਂਗਾ ਅਤੇ ਉਨ੍ਹਾਂ ਦੀ ਸੇਵਾ ਕਰੇਂਗਾ ਅਤੇ ਉਨ੍ਹਾਂ ਨੂੰ ਮਿੱਠੇ ਬੋਲਾਂ ਨਾਲ ਉੱਤਰ ਦੇਵੇਂਗਾ ਤਾਂ ਉਹ ਸਦਾ ਲਈ ਤੇਰੇ ਸੇਵਕ ਹੋ ਜਾਣਗੇ।


8 ਪਰ ਉਸ ਨੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਛੱਡ ਦਿੱਤਾ ਜੋ ਉਨ੍ਹਾਂ ਨੇ ਉਸ ਨੂੰ ਦਿੱਤੀ ਸੀ ਅਤੇ ਉਹਨਾਂ ਜੁਆਨਾਂ ਤੋਂ ਸਲਾਹ ਲਈ ਜਿਹੜੇ ਉਸ ਦੇ ਲੰਗੋਟੀਏ ਯਾਰ ਸਨ ਅਤੇ ਉਸ ਦੇ ਸਨਮੁਖ ਖੜ੍ਹੇ ਰਹਿੰਦੇ ਸਨ।


9 ਉਸ ਉਹਨਾਂ ਨੂੰ ਆਖਿਆ, ਤੁਸੀਂ ਮੈਨੂੰ ਕੀ ਸਲਾਹ ਦਿੰਦੇ ਹੋ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਉਸ ਗੱਲ ਦਾ ਉੱਤਰ ਦੇਈਏ ਜਿਹੜੀ ਉਨ੍ਹਾਂ ਨੇ ਮੈਨੂੰ ਆਖੀ ਕਿ ਸਾਡੇ ਜੂਲੇ ਨੂੰ ਹੌਲਾ ਕਰੋ ਜਿਹੜਾ ਤੁਹਾਡੇ ਪਿਤਾ ਨੇ ਸਾਡੇ ਉੱਤੇ ਰੱਖਿਆ ਹੋਇਆ ਹੈ?


10 ਤਾਂ ਉਹ ਜੁਆਨ ਜਿਹੜੇ ਉਸ ਦੇ ਲੰਗੋਟੀਏ ਯਾਰ ਸਨ ਉਸ ਨੂੰ ਆਖਿਆ ਕਿ ਤੂੰ ਉਨ੍ਹਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਬੋਲਦੇ ਹਨ ਕਿ ਤੁਹਾਡੇ ਪਿਤਾ ਨੇ ਸਾਡੇ ਜੂਲੇ ਨੂੰ ਭਾਰੀ ਕੀਤਾ ਹੋਇਆ ਸੀ ਤੁਸੀਂ ਉਹ ਨੂੰ ਸਾਡੇ ਉੱਤੋਂ ਹੌਲਾ ਕਰੋ, ਤੂੰ ਉਨ੍ਹਾਂ ਨੂੰ ਇਸ ਤਰ੍ਹਾਂ ਆਖ ਕਿ ਮੇਰੀ ਚੀਚੀ ਵੀ ਮੇਰੇ ਪਿਤਾ ਦੇ ਲੱਕ ਨਾਲੋਂ ਮੋਟੀ ਹੈ।


11 ਮੇਰੇ ਪਿਤਾ ਨੇ ਤਾਂ ਭਾਰੀ ਜੂਲਾ ਤੁਹਾਡੇ ਉੱਤੇ ਰੱਖਿਆ ਸੀ ਪਰ ਮੈਂ ਉਸ ਜੂਲੇ ਨੂੰ ਹੋਰ ਵੀ ਭਾਰੀ ਕਰਾਂਗਾ! ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆ ਸੀ ਪਰ ਮੈਂ ਤੁਹਾਨੂੰ ਬਿੱਛੂਆਂ ਨਾਲ ਫੰਡਾਂਗਾ!।


12 ਸੋ ਯਾਰਾਬੁਆਮ ਅਤੇ ਸਾਰੇ ਲੋਕ ਤੀਜੇ ਦਿਨ ਰਹਬੁਆਮ ਦੇ ਕੋਲ ਆਏ ਜਿਵੇਂ ਪਾਤਸ਼ਾਹ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ ਕਿ ਜਿਵੇਂ ਤੁਸੀਂ ਤੀਜੇ ਦਿਨ ਨੂੰ ਮੇਰੇ ਕੋਲ ਆਇਓ।


13 ਤਦ ਪਾਤਸ਼ਾਹ ਨੇ ਉਨ੍ਹਾਂ ਲੋਕਾਂ ਨੂੰ ਕੌੜਾ ਜਿਹਾ ਉੱਤਰ ਦਿੱਤਾ ਅਤੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਜਿਹੜੀ ਉਨ੍ਹਾਂ ਨੇ ਉਸ ਨੂੰ ਦਿੱਤੀ ਛੱਡ ਦਿੱਤਾ।


14 ਅਤੇ ਜੁਆਨਾਂ ਦੀ ਸਲਾਹ ਦੇ ਅਨੁਸਾਰ ਉਹ ਉਨ੍ਹਾਂ ਨੂੰ ਬੋਲਿਆ ਕਿ ਮੇਰੇ ਪਿਤਾ ਨੇ ਤਾਂ ਤੁਹਾਡੇ ਉੱਤੇ ਭਾਰਾ ਜੂਲਾ ਦਿੱਤਾ ਪਰ ਮੈਂ ਤੁਹਾਡੇ ਜੂਲੇ ਦਾ ਭਾਰ ਹੋਰ ਵਧਾਵਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆ ਪਰ ਮੈਂ ਤੁਹਾਨੂੰ ਬਿੱਛੂਆਂ ਨਾਲ ਫੰਡਾਂਗਾ।


15 ਸੋ ਪਾਤਸ਼ਾਹ ਨੇ ਲੋਕਾਂ ਦੀ ਨਾ ਸੁਣੀ ਕਿਉਂ ਜੋ ਇਹ ਯਹੋਵਾਹ ਵੱਲੋਂ ਸੀ ਕਿ ਉਹ ਆਪਣੇ ਉਸ ਬਚਨ ਨੂੰ ਜਿਹੜਾ ਯਹੋਵਾਹ ਨੇ ਸ਼ੀਲੋਨੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਆਖਿਆ ਸੀ ਪੂਰਾ ਕਰੇ।


16 ਸੋ ਜਦ ਸਾਰੇ ਇਸਰਾਏਲ ਨੇ ਵੇਖਿਆ ਕਿ ਪਾਤਸ਼ਾਹ ਨੇ ਸਾਡੀ ਨਹੀਂ ਸੁਣੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ ਕਿ ਦਾਊਦ ਦੇ ਨਾਲ ਸਾਡਾ ਕੀ ਸ਼ਰੀਕਾ ਅਤੇ ਯੱਸੀ ਦੇ ਪੁੱਤਰ ਨਾਲ ਕੀ ਵੰਡ ਵਿਹਾਰ?। ਹੇ ਇਸਰਾਏਲ, ਆਪਣੇ ਤੰਬੂਆਂ ਨੂੰ ਜਾਓ ਅਤੇ ਹੇ ਦਾਊਦ, ਹੁਣ ਤੂੰ ਆਪਣੇ ਘਰਾਣੇ ਨੂੰ ਸੰਭਾਲ ਸੋ ਇਸਰਾਏਲੀ ਆਪਣਿਆਂ ਤੰਬੂਆਂ ਨੂੰ ਚੱਲੇ ਗਏ।


17 ਪਰ ਉਹ ਇਸਰਾਏਲੀ ਜਿਹੜੇ ਯਹੂਦਾਹ ਦੇ ਸ਼ਹਿਰਾਂ ਵਿੱਚ ਵੱਸਦੇ ਸਨ ਉਨ੍ਹਾਂ ਉੱਤੇ ਰਹਬੁਆਮ ਰਾਜ ਕਰਦਾ ਸੀ।


18 ਫੇਰ ਰਹਬੁਆਮ ਪਾਤਸ਼ਾਹ ਨੇ ਅਦੋਰਾਮ ਨੂੰ ਭੇਜਿਆ ਜਿਹੜਾ ਬੇਗ਼ਾਰੀਆਂ ਉੱਤੇ ਸੀ, ਪਰ ਸਾਰੇ ਇਸਰਾਏਲ ਨੇ ਉਹ ਨੂੰ ਪਥਰਾਉ ਕੀਤਾ ਅਤੇ ਉਹ ਮਰ ਗਿਆ ਅਤੇ ਰਹਬੁਆਮ ਪਾਤਸ਼ਾਹ ਨੇ ਛੇਤੀ ਕੀਤੀ ਅਤੇ ਰਥ ਉੱਤੇ ਚੜ੍ਹ ਕੇ ਯਰੂਸ਼ਲਮ ਨੂੰ ਨੱਠ ਗਿਆ।


19 ਸੋ ਇਸਰਾਏਲ ਅੱਜ ਦੇ ਦਿਨ ਤੱਕ ਦਾਊਦ ਦੇ ਘਰਾਣੇ ਤੋਂ ਆਕੀ ਹੈ।


20 ਫੇਰ ਇਸ ਤਰ੍ਹਾਂ ਹੋਇਆ ਕਿ ਜਦ ਸਾਰੇ ਇਸਰਾਏਲ ਨੇ ਸੁਣਿਆ ਕਿ ਯਾਰਾਬੁਆਮ ਮੁੜ ਆਇਆ ਹੈ ਤਾਂ ਲੋਕ ਭੇਜ ਕੇ ਉਸ ਨੂੰ ਮੰਡਲੀ ਦੇ ਵਿੱਚ ਸੱਦਿਆ ਅਤੇ ਉਸ ਨੂੰ ਉਨ੍ਹਾਂ ਨੇ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਬਣਾਇਆ। ਇੱਕ ਯਹੂਦਾਹ ਦੇ ਗੋਤ ਤੋਂ ਛੁੱਟ ਹੋਰ ਕੋਈ ਦਾਊਦ ਦੇ ਘਰਾਣੇ ਦੇ ਪਿੱਛੇ ਨਾ ਲੱਗਾ।


21 ਜਦ ਰਹਬੁਆਮ ਯਰੂਸ਼ਲਮ ਵਿੱਚ ਆ ਗਿਆ ਤਦ ਉਸ ਨੇ ਇਸਰਾਏਲ ਨਾਲ ਲੜਨ ਲਈ ਯਹੂਦਾਹ ਅਤੇ ਬਿਨਯਾਮੀਨ ਦੇ ਘਰਾਣਿਆਂ ਵਿੱਚੋਂ ਇੱਕ ਲੱਖ ਅੱਸੀ ਹਜ਼ਾਰ ਯੁੱਧ ਦੇ ਚੁਣਵੇਂ ਸੂਰਮੇ ਇਕੱਠੇ ਕੀਤੇ ਤਾਂ ਜੋ ਉਹ ਇਸਰਾਏਲ ਨਾਲ ਲੜ ਕੇ ਸੁਲੇਮਾਨ ਦੇ ਪੁੱਤਰ ਰਹਬੁਆਮ ਦੇ ਲਈ ਰਾਜ ਨੂੰ ਮੋੜ ਲੈਣ।


22 ਤਦ ਇਸ ਤਰ੍ਹਾਂ ਹੋਇਆ ਕਿ ਪਰਮੇਸ਼ੁਰ ਦਾ ਬਚਨ ਸ਼ਮਅਯਾਹ ਨੂੰ ਜੋ ਪਰਮੇਸ਼ੁਰ ਦਾ ਬੰਦਾ ਸੀ ਆਇਆ ਕਿ


23 ਯਹੂਦਾਹ ਦੇ ਪਾਤਸ਼ਾਹ ਸੁਲੇਮਾਨ ਦੇ ਪੁੱਤਰ ਰਹਬੁਆਮ ਨੂੰ ਅਤੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਤੇ ਲੋਕਾਂ ਦੇ ਬਕੀਏ ਨੂੰ ਆਖ ਕਿ


24 ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਚੜ੍ਹਾਈ ਨਾ ਕਰੋ ਨਾ ਆਪਣੇ ਇਸਰਾਏਲੀ ਭਰਾਵਾਂ ਨਾਲ ਲੜੋ। ਹਰ ਮਨੁੱਖ ਆਪੋ ਆਪਣੇ ਘਰ ਨੂੰ ਮੁੜ ਜਾਵੇ ਕਿਉਂ ਜੋ ਇਹ ਗੱਲ ਮੇਰੀ ਵੱਲੋਂ ਹੈ ਸੋ ਉਹ ਯਹੋਵਾਹ ਦੀ ਗੱਲ ਸੁਣ ਕੇ ਕਿ ਇਹ ਯਹੋਵਾਹ ਦੀ ਗੱਲ ਅਨੁਸਾਰ ਹੈ ਮੁੜ ਕੇ ਚੱਲੇ ਗਏ।


25 ਤਾਂ ਯਾਰਾਬੁਆਮ ਨੇ ਇਫ਼ਰਾਈਮ ਪਰਬਤ ਵਿੱਚ ਸ਼ਕਮ ਨੂੰ ਬਣਾਇਆ ਅਤੇ ਉਹ ਦੇ ਵਿੱਚ ਵੱਸਿਆ ਅਤੇ ਓਥੋਂ ਜਾ ਕੇ ਪਨੂਏਲ ਨੂੰ ਬਣਾਇਆ।


26 ਤਾਂ ਯਾਰਾਬੁਆਮ ਨੇ ਆਪਣੇ ਮਨ ਵਿੱਚ ਆਖਿਆ, ਹੁਣ ਰਾਜ ਦਾਊਦ ਦੇ ਘਰਾਣੇ ਵੱਲ ਮੁੜ ਜਾਵੇਗਾ।


27 ਜੇ ਕਦੀ ਇਹ ਲੋਕ ਯਰੂਸ਼ਲਮ ਨੂੰ ਯਹੋਵਾਹ ਦੇ ਭਵਨ ਵਿੱਚ ਬਲੀ ਚੜ੍ਹਾਉਣ ਨੂੰ ਜਾਣ ਤਾਂ ਉਨ੍ਹਾਂ ਲੋਕਾਂ ਦੇ ਮਨ ਆਪਣੇ ਸੁਆਮੀ ਦੀ ਵੱਲ ਅਰਥਾਤ ਯਹੂਦਾਹ ਦੇ ਪਾਤਸ਼ਾਹ ਰਹਬੁਆਮ ਵੱਲ ਫਿਰ ਜਾਣਗੇ ਅਤੇ ਉਹ ਮੈਨੂੰ ਮਾਰ ਸੁੱਟਣਗੇ ਅਤੇ ਯਹੂਦਾਹ ਦੇ ਪਾਤਸ਼ਾਹ ਰਹਬੁਆਮ ਵੱਲ ਮੁੜ ਜਾਣਗੇ।


28 ਇਸ ਉੱਤੇ ਪਾਤਸ਼ਾਹ ਨੇ ਸਲਾਹ ਕਰ ਕੇ ਸੋਨੇ ਦੇ ਦੋ ਵੱਛੇ ਬਣਾਏ ਅਤੇ ਉਨ੍ਹਾਂ ਲੋਕਾਂ ਨੂੰ ਆਖਿਆ, ਕਿ ਯਰੂਸ਼ਲਮ ਨੂੰ ਚੜ੍ਹਨਾ ਤੁਹਾਡਾ ਵਾਧੂ ਹੀ ਹੈ। ਵੇਖ, ਹੇ ਇਸਰਾਏਲ, ਆਪਣੇ ਦੇਵਤੇ ਜਿਹੜੇ ਤੈਨੂੰ ਮਿਸਰ ਦੇਸ ਤੋਂ ਕੱਢ ਲਿਆਏ।


29 ਤਾਂ ਉਸ ਨੇ ਇੱਕ ਬੈਤਏਲ ਵਿੱਚ ਟਿਕਾਇਆ ਅਤੇ ਦੂਜਾ ਦਾਨ ਵਿੱਚ ਰੱਖ ਦਿੱਤਾ।


30 ਪਰ ਇਹ ਕੰਮ ਇੱਕ ਪਾਪ ਹੋ ਗਿਆ ਕਿਉਂ ਜੋ ਲੋਕ ਦਾਨ ਤੱਕ ਉਹ ਦੇ ਅੱਗੇ ਪੂਜਾ ਕਰਨ ਲਈ ਗਏ।


31 ਅਤੇ ਉਸ ਨੇ ਉੱਚਿਆਂ ਥਾਵਾਂ ਉੱਤੇ ਭਵਨ ਬਣਾਏ ਅਤੇ ਲੋਕਾਂ ਵਿੱਚੋਂ ਜੋ ਲੇਵੀ ਦੀ ਅੰਸ ਵਿੱਚੋਂ ਨਹੀਂ ਸਨ ਜਾਜਕ ਬਣਾਏ।


32 ਅਤੇ ਯਾਰਾਬੁਆਮ ਨੇ ਅੱਠਵੇਂ ਮਹੀਨੇ ਦੀ ਪੰਦਰਵੀਂ ਤਾਰੀਖ਼ ਉੱਤੇ ਪਰਬ ਮਨਾਇਆ ਉਸ ਪਰਬ ਵਾਂਗੂੰ ਜੋ ਯਹੂਦਾਹ ਵਿੱਚ ਹੁੰਦਾ ਸੀ ਅਤੇ ਜਗਵੇਦੀ ਉੱਤੇ ਬਲੀਆਂ ਚੜ੍ਹਾਈਆਂ। ਇਸ ਤਰ੍ਹਾਂ ਉਸ ਨੇ ਬੈਤਏਲ ਵਿੱਚ ਵੀ ਕੀਤਾ ਅਤੇ ਆਪਣੇ ਬਣਾਏ ਹੋਏ ਵੱਛਿਆਂ ਦੇ ਅੱਗੇ ਬਲੀਆਂ ਚੜ੍ਹਾਉਣ ਲੱਗ ਪਿਆ ਅਤੇ ਬੈਤਏਲ ਵਿੱਚ ਉਸ ਨੇ ਆਪਣੇ ਬਣਾਏ ਹੋਏ ਉੱਚਿਆਂ ਥਾਵਾਂ ਲਈ ਜਾਜਕ ਰੱਖ ਲਏ।


33 ਸੋ ਅੱਠਵੇਂ ਮਹੀਨੇ ਦੀ ਪੰਦਰਵੀਂ ਤਾਰੀਖ਼ ਜਿਹੜਾ ਮਹੀਨਾ ਉਸ ਨੇ ਆਪਣੇ ਮਨ ਵਿੱਚ ਮਿੱਥਿਆ ਸੀ ਉਹ ਉਸ ਜਗਵੇਦੀ ਕੋਲ ਜਿਹੜੀ ਉਸ ਨੇ ਬੈਤਏਲ ਵਿੱਚ ਬਣਾਈ ਸੀ ਗਿਆ ਅਤੇ ਇਸਰਾਏਲੀਆਂ ਲਈ ਇੱਕ ਪਰਬ ਠਹਿਰਾਇਆ ਅਤੇ ਜਗਵੇਦੀ ਕੋਲ ਗਿਆ ਕਿ ਧੂਪ ਧੁਖਾਵੇ।